ਕੁਝ ਲੋਕ ਮੋਟਾਪੇ ਨੂੰ ਚੰਗੀ ਸਿਹਤ ਦੀ ਨਿਸ਼ਾਨੀ ਮੰਨਦੇ ਹਨ। ਮਿੱਠੀਆਂ, ਤਲੀਆਂ ਅਤੇ ਬਾਜ਼ਾਰੀ ਚੀਜ਼ਾਂ ਖਾ ਕੇ ਆਪਣਾ
ਸਰੀਰ ਵਿਗਾੜ ਲੈਂਦੇ ਹਨ ਅਤੇ ਨਤੀਜੇ ਵੱਜੋਂ ਅਣਵਰਤੇ ਜ਼ਿਆਦਾ ਖਾਣੇ ਕਾਰਣ ਉਹਨਾਂ ਦੇ ਸਰੀਰ ਵਿੱਚ ਚਰਬੀ ਜਮਾਂ ਹੋ
ਜਾਂਦੀ ਹੈ। ਸਾਡੇ ਸਮਾਜਕ ਰਸਮਾਂ-ਰਿਵਾਜ਼ਾਂ ਸਮੇਂ ਆਮ ਤੌਰ ਤੇ ਮਿੱਠੇ ਅਤੇ ਚਿਕਨਾਈ ਵਾਲੇ ਪਦਾਰਥਾਂ ਦੀ ਵਰਤੋਂ
ਜ਼ਿਆਦਾ ਹੁੰਦੀ ਹੈ ਅਤੇ ਸਵਾਦ ਦੇ ਚੱਕਰ ‘ਚ ਅਸੀਂ ਲੋੜ ਤੋਂ ਜ਼ਿਆਦਾ ਖਾ ਬੈਠਦੇ ਹਾਂ ਅਤੇ ਚਰਬੀ ਜਮਾਂ ਹੋਣ ਨਾਲ
ਅਸੀਂ ਮੋਟਾਪੇ ਦੀ ਬੀਮਾਰੀ ਦਾ ਸ਼ਿਕਾਰ ਬਣ ਜਾਂਦੇ ਹਾਂ।
ਕੀ ਹੈ ਮੋਟਾਪਾ?
ਸਰੀਰ ਦੇ ਵਿੱਚ ਅਸਾਧਾਰਨ ਜਾਂ ਵਾਧੂ ਚਰਬੀ ਦੇ ਜਮਾਂ ਹੋਣ ਨੂੰ ਮੋਟਾਪਾ ਕਿਹਾ ਜਾਂਦਾ ਹੈ ਜਿਸ ਨਾਲ ਸਿਹਤ ਦਾ
ਨੁਕਸਾਨ ਹੋ ਸਕਦਾ ਹੈ।
ਮੋਟਾਪੇ ਦਾ ਪੈਮਾਨਾ
ਕੋਈ ਵਿਅਕਤੀ ਮੋਟਾਪੇ ਦਾ ਸ਼ਿਕਾਰ ਹੈ ਜਾਂ ਨਹੀਂ, ਇਹ ਪਤਾ ਕਰਨ ਲਈ ਇਹ ਵੇਖਿਆ ਜਾਂਦਾ ਹੈ ਕਿ ਉਸ ਦੇ ਕੱਦ
ਦੀ ਤੁਲਨਾ ਵਿੱਚ ਉਸ ਦਾ ਵਜ਼ਨ ਕਿੰਨਾ ਹੈ। ਇਸ ਅਨੁਪਾਤ ਨੂੰ ਬਾਡੀ ਮਾਸ ਇੰਡੈਕਸ ((Body Mass Index: BMI)
ਕਿਹਾ ਜਾਂਦਾ ਹੈ।
Body Mass Index = Weight in Kilograms / (Height in meters)2
ਬੀ. ਐਮ. ਆਈ. = ਵਿਅਕਤੀ ਦਾ ਕਿਲੋਗਰਾਮ ਵਿੱਚ ਵਜ਼ਨ / (ਮੀਟਰ ਵਿੱਚ ਕੱਦ)2
ਤੁਸੀਂ ਆਪਣਾ ਬੀ. ਐਮ. ਆਈ. ਇਸ ਫਾਰਮੂਲੇ ਨਾਲ ਪਤਾ ਕਰ ਸਕਦੇ ਹੋ ਜਾਂ ਇੰਟਰਨੈਟ/ਮੋਬਾਇਲ ਐਪਲੀਕੇਸ਼ਨਜ਼ ਰਾਹੀਂ ਵੀ ਪਤਾ ਕਰ ਸਕਦੇ ਹੋ।
ਤੁਹਾਡਾ ਬੀ. ਐਮ. ਆਈ ਕੀ ਦਰਸਾਉਂਦਾ ਹੈ?
ਬਾਡੀ ਮਾਸ ਇੰਡੈਕਸ / BMI | Weight Status | ਵਜ਼ਨ ਦੀ ਸ਼੍ਰੇਣੀ |
18.5 ਤੋਂ ਘੱਟ | Underweight | ਕੁਪੋਸ਼ਣ/ਲੋੜ ਤੋਂ ਘੱਟ ਵਜ਼ਨ |
18.5 ਤੋਂ 24.9 | Normal Weight | ਕੱਦ ਅਨੁਸਾਰ ਸਹੀ ਸਿਹਤਮੰਦ ਵਜ਼ਨ |
25 ਤੋਂ 29.9 | Overweight | ਲੋੜ ਤੋਂ ਜ਼ਿਆਦਾ ਵਜ਼ਨ |
30 ਤੋਂ 39.9 | Obese | ਮੋਟਾਪਾ |
40 ਤੋਂ ਜ਼ਿਆਦਾ | Extremely Obese | ਖਤਰਨਾਕ ਮੋਟਾਪਾ |
ਕੱਦ ਮੁਤਾਬਕ ਵਜ਼ਨ ਕਿੰਨਾ ਹੋਣਾ ਚਾਹੀਦਾ ਹੈ?
{18.5 ਯ (ਮੀਟਰ ਵਿੱਚ ਕੱਦ)2} ਤੋਂ {24.9 ਯ (ਮੀਟਰ ਵਿੱਚ ਕੱਦ)2}
ਬੱਚਿਆਂ ਵਿੱਚ ਕੱਦ ਦੀ ਬਜਾਏ ਉਮਰ ਮੁਤਾਬਕ ਵਜ਼ਨ ਦਾ ਸੰਤੁਲਨ ਵੇਖਿਆ ਜਾਂਦਾ ਹੈ ਜਿਸ ਲਈ ਵਿਸ਼ਵ ਸਿਹਤ ਸੰਗਠਨ (WHO) ਦੁਆਰਾ ਤਿਆਰ ਕੀਤੇ ਚਾਈਲਡ ਗਰੋਥ ਸਟੈਂਡਰਡ ਅਤੇ ਚਾਰਟਾਂ (Child Growth Standards and Charts) ਦੀ ਵਰਤੋਂ ਕੀਤੀ ਜਾਂਦੀ ਹੈ।
ਮੋਟਾਪੇ ਬਾਰੇ ਕੁਝ ਤੱਥ:
• 30% ਤੋਂ 50% ਭਾਰਤੀ ਬਾਲਗ ਜ਼ਿਆਦਾ ਵਜ਼ਨ ਜਾਂ ਮੋਟਾਪੇ ਦੇ ਸ਼ਿਕਾਰ ਹਨ।
• 1975 ਤੋਂ 2018 ਤੱਕ ਸੰਸਾਰ ਭਰ ਵਿੱਚ ਮੋਟਾਪੇ ਦੇ ਸ਼ਿਕਾਰ ਲੋਕਾਂ ਦੀ ਗਿਣਤੀ 3 ਗੁਣਾਂ ਵਧ ਗਈ ਹੈ।
• ਅੱਜ ਜ਼ਿਆਦਾਤਰ ਮੁਲਕਾਂ ਵਿੱਚ ਮੋਟਾਪੇ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਕੁਪੋਸ਼ਣ ਕਾਰਨ ਮੌਤਾਂ ਨਾਲੋਂ ਜ਼ਿਆਦਾ ਹੈ।
• ਮੋਟਾਪਾ ਇੱਕ ਅਜਿਹਾ ਰੋਗ ਹੈ ਜਿਸ ਦੀ ਰੋਕਥਾਮ ਜੀਵਨਸ਼ੈਲੀ ਅਤੇ ਖਾਨ-ਪਾਨ ਵਿੱਚ ਬਦਲਾਵ ਲਿਆ ਕੇ ਕੀਤੀ ਜਾ ਸਕਦੀ ਹੈ।
• ਵਿਸ਼ਵ ਸਿਹਤ ਸੰਗਠਨ (WHO) ਦੇ ਅਨੁਮਾਨ ਅਨੁਸਾਰ ਸਾਲ 2016 ਵਿੱਚ ਵਿਸ਼ਵ ਭਰ ਵਿੱਚ 18 ਸਾਲ ਤੋਂ ਵੱਡੇ 1,90,00,00,000 (39%) ਲੋਕਾਂ ਦਾ ਵਜ਼ਨ ਲੋੜ ਤੋਂ ਜ਼ਿਆਦਾ ਸੀ ਅਤੇ ਇਹਨਾਂ ਵਿੱਚੋਂ 65,00,00,000 (13%) ਲੋਕ ਡਾਕਟਰੀ ਤੌਰ ਤੇ ਮੋਟਾਪੇ ਦੇ ਸ਼ਿਕਾਰ ਸਨ।ਜ਼ਿਆਦਾ ਵਜ਼ਨ ਜਾਂ ਮੋਟਾਪੇ ਦੇ ਸ਼ਿਕਾਰ ਬੱਚੇ ਅਤੇ ਕਿਸ਼ੋਰਾਂ ਦੀ ਗਿਣਤੀ ਲਗਭਗ 3,81,00,00,000 ਸੀ।
• ਹਰ ਸਾਲ 28 ਲੱਖ ਲੋਕ ਜ਼ਿਆਦਾ ਵਜ਼ਨ ਜਾਂ ਮੋਟਾਪੇ ਦੀ ਵਜ੍ਹਾ ਨਾਲ ਮੌਤ ਦੇ ਸ਼ਿਕਾਰ ਹੁੰਦੇ ਹਨ।
ਮੋਟਾਪੇ ਦੇ ਕਾਰਣ ਕੀ ਹਨ?
ਮੋਟਾਪੇ ਦਾ ਬੁਨਿਆਦੀ ਕਾਰਣ ਹੈ ਖਾਣੇ ਰਾਹੀਂ ਲਈਆਂ ਗਈਆਂ ਕੈਲਰੀਆਂ ਅਤੇ ਸਰੀਰ ਦੁਆਰਾ ਖਪਤ ਹੋਈਆਂ ਕੈਲਰੀਆਂ ਵਿੱਚ ਅਸੰਤੁਲਨ।
ਕੈਲਰੀ (Calorie) ਊਰਜਾ ਨੂੰ ਨਾਪਣ ਦੀ ਇਕਾਈ ਹੈ। ਮਿੱਠੇ ਤੇ ਤੇਲੀ ਪਦਾਰਥ ਸਰੀਰ ਨੂੰ ਜ਼ਿਆਦਾ ਕੈਲਰੀਆਂ ਪ੍ਰਦਾਨ ਕਰਦੇ ਹਨ ਅਤੇ ਸਰੀਰਕ ਗਤੀਵਿਧੀਆਂ ਅਤੇ ਕਸਰਤ ਵਿੱਚ ਇਹਨਾਂ ਦੀ ਖਪਤ ਨਾ ਹੋਣ ਦੀ ਸੂਰਤ ਵਿੱਚ ਇਹ ਪਦਾਰਥ ਮੋਟਾਪੇ ਦਾ ਕਾਰਣ ਬਣਦੇ ਹਨ।
• ਖੁਰਾਕ ਵਿੱਚ ਜ਼ਿਆਦਾ ਕੈਲਰੀ ਵਾਲਾ ਭੋਜਨ ਜਿਵੇਂ ਕਿ ਤੇਲ, ਘਿਓ ਆਦਿ ਦਾ ਸੇਵਨ।
• ਸਰੀਰਕ ਕਸਰਤ ਦੀ ਘਾਟ।
• ਬੈਠਣ ਵਾਲੇ ਪੇਸ਼ੇ (Sedentary Work) ਜਿਵੇਂ ਕਿ ਦਫਤਰੀ ਕੰਮ-ਕਾਜ ਆਦਿ।
• ਸ਼ਹਿਰੀਪਨ ਅਤੇ ਆਵਾਜਾਈ ਦੇ ਸਾਧਨਾਂ ਦੀ ਜ਼ਿਆਦਾ ਵਰਤੋਂ ਦਾ ਰੁਝਾਨ।
ਮੋਟਾਪੇ ਦੇ ਸਿਹਤ ਲਈ ਕੀ ਨੁਕਸਾਨ ਹਨ?
ਮੋਟੇ ਇਨਸਾਨ ਲਈ ਭੱਜਣਾ ਤਾਂ ਕੀ ਤੁਰਨਾ ਵੀ ਮੁਸ਼ਕਲ ਹੋ ਜਾਂਦਾ ਹੈ, ਸਾਹ ਚੜ੍ਹਨ ਲੱਗ ਜਾਂਦਾ ਹੈ।
• ਨਾੜੀਆਂ ਵਿੱਚ ਖੂਨ ਦਾ ਦਬਾਅ (ਬਲੱਡ ਪ੍ਰੈਸ਼ਰ) ਵੱਧ ਜਾਂਦਾ ਹੈ ਜਿਸ ਨਾਲ ਸਿਰ ਤੋਂ ਪੈਰਾਂ ਤੱਕ ਸਾਰੇ ਅੰਗਾਂ ਦਾ ਨੁਕਸਾਨ ਹੁੰਦਾ ਹੈ।
• ਖੂਨ ਦੀਆਂ ਨਾੜੀਆਂ ਤੰਗ ਹੋ ਜਾਂਦੀਆਂ ਹਨ, ਸਰੀਰ ਦੇ ਵੱਖ ਵੱਖ ਅੰਗਾਂ ਨੂੰ ਖੂਨ ਰਾਹੀਂ ਆਕਸੀਜਨ ਅਤੇ ਖੁਰਾਕ ਦਾ ਪ੍ਰਵਾਹ ਘੱਟ ਜਾਂਦਾ ਹੈ ਜਿਸ ਨਾਲ ਦਿਲ ਅਤੇ ਦਿਮਾਗ (ਲਕਵਾ ਆਦਿ) ਦੇ ਰੋਗਾਂ ਦਾ ਖਤਰਾ ਵੱਧ ਜਾਂਦਾ ਹੈ ਜੋ ਕਿ ਮੌਤ ਦੇ ਪ੍ਰਮੁੱਖ ਕਾਰਣ ਬਣਦੇ ਹਨ।
• ਮਧੂਮੇਹ (ਸ਼ੂਗਰ) : ਸਰੀਰ ਵਿੱਚ ਇੰਸੂਲਿਨ ਦੀ ਘਾਟ ਨਾਲ ਸ਼ੂਗਰ ਦੇ ਮਰੀਜ਼ ਬਣ ਜਾਂਦੇ ਹਾਂ।
• ਸਰੀਰ ਵਿੱਚ ਚਰਬੀ ਵੱਧਣ ਨਾਲ ਪਿੱਤੇ ਵਿੱਚ ਪੱਥਰੀਆਂ ਬਨਣ ਦਾ ਖਤਰਾ ਵੱਧ ਜਾਂਦਾ ਹੈ ਜੋ ਕਿ ਬਾਦ ਵਿੱਚ ਰੁਕਾਵਟ ਪੈਦਾ ਕਰਕੇ ਪੀਲੀਏ ਅਤੇ ਕੈਂਸਰ ਦਾ ਵੀ ਕਾਰਣ ਬਣ ਸਕਦੀਆਂ ਹਨ।
• ਜਿਗਰ ਵਿੱਚ ਚਰਬੀ ਵੱਧ ਜਾਂਦੀ ਹੈ ਜੋ ਕਿ ਜਿਗਰ ਦੇ ਕੰਮ ਨੂੰ ਪ੍ਰਭਾਵਿਤ ਕਰਕੇ ਸਿਹਤ ਲਈ ਨੁਕਸਾਨਦਾਇਕ ਹੁੰਦੀ ਹੈ।
• ਹੱਡੀਆਂ ਅਤੇ ਜੋੜਾਂ ਦੀਆਂ ਬੀਮਾਰੀਆਂ (ੌਸਟੲੋੳਰਟਹਰਟਿਿਸ) ਦਾ ਖਤਰਾ ਵੱਧ ਜਾਂਦਾ ਹੈ। ਲੋੜ ਤੋਂ ਜ਼ਿਆਦਾ ਵਜ਼ਨ ਸਹਿਣ ਕਾਰਣ ਗੋਡੇ ਵੀ ਜਲਦੀ ਖਰਾਬ ਹੋ ਜਾਂਦੇ ਹਨ।
• ਮੋਟੇ ਲੋਕਾਂ ਵਿੱਚ ਬੱਚੇਦਾਨੀ, ਛਾਤੀਆਂ, ਅੰਡਕੋਸ਼, ਗਦੂਦਾਂ, ਜਿਗਰ, ਪਿੱਤਾ, ਗੁਰਦੇ, ਵੱਡੀ ਆਂਤੜੀ ਦੇ ਕੈਂਸਰ ਦਾ ਖਤਰਾ ਜ਼ਿਆਦਾ ਹੁੰਦਾ ਹੈ।
ਬੀ. ਐਮ. ਆਈ. ਵਧਣ ਨਾਲ ਇਹਨਾਂ ਬੀਮਾਰੀਆਂ ਦੇ ਸ਼ਿਕਾਰ ਹੋਣ ਦਾ ਖਤਰਾ ਵੱਧ ਜਾਂਦਾ ਹੈ।
ਬੱਚੇ ਮੋਟਾਪੇ ਕਾਰਨ ਸਾਹ ਦੀ ਤਕਲੀਫ, ਹੱਡੀਆਂ ਟੁਟੱਣ, ਬਲੱਡ ਪ੍ਰੈਸ਼ਰ ਵਧਣ ਅਤੇ ਅੱਗੇ ਜਾ ਕੇ ਦਿਲ, ਦਿਮਾਗ ਦੇ ਰੋਗਾਂ ਅਤੇ ਸਮੇਂ ਤੋਂ ਪਹਿਲਾਂ ਮੌਤ ਦੇ ਸ਼ਿਕਾਰ ਹੋ ਸਕਦੇ ਹਨ।
ਮੋਟਾਪੇ ਤੋਂ ਕਿਵੇਂ ਬਚਿਆ ਜਾ ਸਕਦਾ ਹੈ?
• ਵਜ਼ਨ ਨੂੰ ਘਟਾਉਣ ਲਈ ਖੁਰਾਕ ਵਿੱਚ ਬਦਲਾਵ ਲਿਆਉਣਾ ਚਾਹੀਦਾ ਹੈ। ਸੰਤੁਲਿਤ ਭੋਜਨ ਦਾ ਸੇਵਨ ਕਰੋ ਜਿਸ ਵਿੱਚ ਹਰ ਤਰਾਂ ਦੇ ਖੁਰਾਕੀ ਤੱਤ ਸਹੀ ਮਾਤਰਾ ਅਤੇ ਅਨੁਪਾਤ ਵਿੱਚ ਮੌਜੂਦ ਹੋਣ।
• ਭੋਜਨ ਵਿੱਚ ਜ਼ਿਆਦਾ ਮਿੱਠੀਆਂ ਅਤੇ ਚਿਕਨਾਈ ਵਾਲੀਆਂ ਵਸਤਾਂ ਦਾ ਪਰਹੇਜ਼ ਕਰੋ।
• ਘਿਓ, ਮੱਖਣ, ਤੇਲ ਅਤੇ ਖਾਸਕਰ ਵਨਸਪਤੀ ਆਦਿ ਬਹੁਤ ਜ਼ਿਆਦਾ ਕੈਲਰੀਆਂ ਪ੍ਰਦਾਨ ਕਰਦੇ ਹਨ ਅਤੇ ਖੂਨ ਵਿੱਚ ਕੋਲੈਸਟਰੋਲ / ਚਰਬੀ ਵਧਾਉਂਦੇ ਹਨ, ਇਹਨਾਂ ਦਾ ਸੇਵਨ ਘੱਟ ਕਰਨਾ ਚਾਹੀਦਾ ਹੈ।
• ਤੇਲ ਜਾਂ ਘਿਓ ਨੂੰ ਵਾਰ ਵਾਰ ਗਰਮ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ, ਇਸ ਨਾਲ ਇਹ ਸਿਹਤ ਲਈ ਹੋਰ ਹਾਨੀਕਾਰਕ ਬਣ ਜਾਂਦੇ ਹਨ।
• ਭੁੱਖ ਅਨੁਸਾਰ ਭੋਜਨ ਖਾਣਾ ਚਾਹੀਦਾ ਹੈ। ਸਵਾਦ ਕਾਰਣ ਲੋੜ ਤੋਂ ਜ਼ਿਆਦਾ ਖਾਣਾ ਨਾ ਖਾਇਆ ਜਾਵੇ।
• ਤਾਜ਼ੇ ਫਲ, ਸਲਾਦ, ਸਬਜ਼ੀਆਂ ਦਾ ਸੇਵਨ ਜ਼ਿਆਦਾ ਕਰਨਾ ਚਾਹੀਦਾ ਹੈ। ਇਹ ਸਵਾਦ ਹੋਣ ਦੇ ਨਾਲ ਨਾਲ ਵਿਟਾਮਿਨ ਅਤੇ ਫਾਈਬਰ ਦੇ ਚੰਗੇ ਸਰੋਤ ਹੁੰਦੇ ਹਨ। ਫਲਾਂ ਦੇ ਜੂਸ ਨਾਲੋਂ ਤਾਜ਼ੇ ਫਲਾਂ ਦਾ ਸੇਵਨ ਜ਼ਿਆਦਾ ਲਾਭਕਾਰੀ ਹੁੰਦਾ ਹੈ ਕਿਉਂਕਿ ਤਾਜ਼ੇ ਫਲ ਕੁਦਰਤੀ ਰੂਪ ਵਿੱਚ ਸੁਰੱਖਿਅਤ ਵੀ ਹੁੰਦੇ ਹਨ ਅਤੇ ਫਾਈਬਰ ਦੀ ਮਾਤਰਾ ਕਾਰਣ ਮੋਟਾਪੇ ਅਤੇ ਆਂਤੜੀਆਂ ਦੇ ਰੋਗਾਂ ਤੋਂ ਵੀ ਬਚਾਉਂਦੇ ਹਨ।
• ਪੈਕਡ ਜੂਸ / ਕੋਲਡ ਡਰਿੰਕਸ ਵਿੱਚ ਮਿੱਠੇ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ਜੋ ਕਿ ਵਾਧੂ ਕੈਲਰੀਆਂ ਦਾ ਸਰੋਤ ਹਨ। ਇਹਨਾਂ ਦੀ ਬਜਾਏ ਤਾਜ਼ਾ ਫਲਾਂ ਦਾ ਜੂਸ, ਸ਼ਕੰਜਵੀ, ਨਾਰੀਅਲ ਪਾਣੀ ਆਦਿ ਦਾ ਸੇਵਨ ਕਰਨਾ ਚਾਹੀਦਾ ਹੈ।
• ਨਮਕ ਦਾ ਸੇਵਨ ਘੱਟ ਤੋਂ ਘੱਟ ਕਰਨਾ ਚਾਹੀਦਾ ਹੈ। ਬਚਪਨ ਤੋਂ ਹੀ ਘੱਟ ਨਮਕ ਖਾਣ ਵਾਲੇ ਭੋਜਨ ਦੇ ਸਵਾਦ ਦੀ ਆਦਤ ਪਾਉਣੀ ਚਾਹੀਦੀ ਹੈ। ਚਿੱਪਸ, ਪਾਪੜ, ਨਮਕੀਨ, ਅਚਾਰ, ਚਟਨੀ, ਕੈਚ-ਅੱਪ, ਨਮਕੀਨ ਬਿਸਕੁਟ ਦਾ ਪਰਹੇਜ਼ ਕਰਨਾ ਚਾਹੀਦਾ ਹੈ। ਤਾਜ਼ੇ ਫਲ, ਸਲਾਦ ਅਤੇ ਦਹੀਂ ਖਾਣ ਲੱਗਿਆਂ ਵੀ ਨਮਕ ਨਹੀਂ ਇਸਤੇਮਾਲ ਕਰਨਾ ਚਾਹੀਦਾ।
• ਪਾਣੀ ਜ਼ਿਆਦਾ ਤੋਂ ਜ਼ਿਆਦਾ ਪੀਣਾ ਚਾਹੀਦਾ ਹੈ।
• ਪ੍ਰਤੀਦਿਨ 250 ਗਰਾਮ ਦੁੱਧ ਪੀਣਾ ਚਾਹੀਦਾ ਹੈ ਪਰ ਮੋਟਾਪਾ ਘਟਾਉਣ ਲਈ ਮਲਾਈ/ਕ੍ਰੀਮ ਰਹਿਤ ਦੁੱਧ ਪੀਣਾ ਚਾਹੀਦਾ ਹੈ।
• ਬਾਜ਼ਾਰੀ ਵਸਤਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਕਿਉਂਕਿ ਇਸ ਵਿੱਚ ਨਮਕ, ਤੇਲ ਅਤੇ ਮਿੱਠੇ ਦੀ ਵਰਤੋਂ ਜ਼ਿਆਦਾ ਕੀਤੀ ਗਈ ਹੁੰਦੀ ਹੈ ਅਤੇ ਇਸ ਦੇ ਤਿਆਰ ਕਰਨ ਸਮੇਂ ਵਰਤੀ ਗਈ ਸਾਫ-ਸਫਾਈ ਬਾਰੇ ਵੀ ਕੁਝ ਪਤਾ ਨਹੀਂ ਹੁੰਦਾ।
• ਅੰਡੇ, ਮਾਸਾਹਾਰੀ ਭੋਜਨ ਅਤੇ ਸ਼ਰਾਬ ਦਾ ਸੇਵਨ ਬੰਦ ਕਰਨਾ ਚਾਹੀਦਾ ਹੈ।
• ਖੁਰਾਕ ਵਿੱਚ ਕੈਲਰੀਆਂ ਦੀ ਮਾਤਰਾ ਉਨੀ ਹੀ ਹੋਣੀ ਚਾਹੀਦੀ ਹੈ ਜਿੰਨੀ ਖਪਤ ਹੋ ਸਕੇ। ਸਰੀਰਕ ਗਤੀਵਿਧੀਆਂ ਅਨੁਸਾਰ ਹੀ ਭੋਜਨ ਕਰਨਾ ਚਾਹੀਦਾ ਹੈ। ਉਨ੍ਹਾਂ ਹੀ ਖਾਓ ਜਿੰਨਾਂ ਤੁਹਾਡਾ ਸਰੀਰ ਵਰਤ ਸਕਦਾ ਹੈ।
• ਫਲ, ਸਲਾਦ ਤੇ ਤਾਜ਼ੀਆਂ ਸਬਜ਼ੀਆਂ ਦਾ ਸੇਵਨ ਵੱਧ ਕਰਨਾ ਚਾਹੀਦਾ ਹੈ। ਇਸ ਨਾਲ ਭੁੱਖ ਤਾਂ ਮਿਟੇਗੀ ਹੀ, ਕੈਲਰੀਆਂ ਵੀ ਘੱਟ ਮਿਲਣਗੀਆਂ ਅਤੇ ਚੰਗੀ ਸਿਹਤ ਲਈ ਜ਼ਰੂਰੀ ਵਿਟਾਮਿਨ, ਫਾਈਬਰ ਅਤੇ ਹੋਰ ਜ਼ਰੂਰੀ ਤੱਤ ਵੀ ਪ੍ਰਾਪਤ ਹੋਣਗੇ।
• ਖਾਣਾ ਬੰਦ ਕਰਨ (Fasting) ਜਾਂ ਜ਼ਿਆਦਾ ਘਟਾਉਣ ਨਾਲ ਜ਼ਰੂਰੀ ਕੁਰਾਕੀ ਤੱਤਾਂ ਦੀ ਹਾਨੀਕਾਰਕ ਘਾਟ ਹੋ ਸਕਦੀ ਹੈ ਅਤੇ ਬਾਦ ਵਿੱਚ ਜ਼ਿਆਦਾ ਭੁੱਖ ਕਾਰਣ ਜ਼ਿਆਦਾ ਖਾਣ ਨਾਲ ਮੋਟਾਪਾ ਬਰਕਰਾਰ ਰਹਿ ਸਕਦਾ ਹੈ।
• ਰੋਜ਼ਾਨਾ ਸਰੀਰਕ ਗਤੀਵਿਧੀ ਅਤੇ ਕਸਰਤ ਵਧਾਓ ਜਿਵੇਂ ਕਿ ਸੈਰ, ਦੌੜ, ਖੇਡਾਂ ਆਦਿ।
• ਲਿਫਟ ਦੀ ਜਗ੍ਹਾ ਪੌੜੀਆਂ ਦੀ ਵਰਤੋਂ ਕਰੋ।
• ਵਜ਼ਨ ਘਟਾਉਣ ਲੱਗਿਆਂ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਇੱਕ ਹਫਤੇ ਵਿੱਚ 500 ਗਰਾਮ ਤੱਕ ਵਜ਼ਨ ਘਟਾਉਣਾ ਸੁਰੱਖਿਅਤ ਹੁੰਦਾ ਹੈ। ਹੌਲੀ ਅਤੇ ਸਥਿਰ ਤਰੀਕੇ ਨਾਲ ਹੀ ਵਜ਼ਨ ਘਟਾਉਣਾ ਚਾਹੀਦਾ ਹੈ। ਊਰਜਾ ਦਾ ਸੰਤੁਲਨ ਬਣਾ ਕੇ ਆਪਣੇ ਕੱਦ ਅਨੁਸਾਰ ਸਹੀ ਵਜ਼ਨ ਅਖਤਿਆਰ ਕਰਨਾ ਚਾਹੀਦਾ ਹੈ।
• ਵਜ਼ਨ ਘਟਾਉਣ ਲਈ ਕਿਸੇ ਦਵਾਈ ਦਾ ਸੇਵਨ ਕਰਨਾ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ।
ਵਿਅਕਤੀਗਤ ਪੱਧਰ ਤੇ ਜੀਵਨਸ਼ੈਲੀ ਵਿੱਚ ਸੁਧਾਰ ਕਰਨ ਨਾਲ ਮੋਟਾਪੇ ਤੋਂ ਬਚਿਆ ਜਾ ਸਕਦਾ ਹੈ। ਸਮਾਜਕ ਪੱਧਰ ਤੇ ਅਜਿਹੀ ਜੀਵਨਸ਼ੈਲੀ ਨੂੰ ਉਤਸ਼ਾਹਤ ਕਰਕੇ ਪੂਰੇ ਸਮਾਜ ਨੂੰ ਫਾਇਦਾ ਪਹੁੰਚ ਸਕਦਾ ਹੈ।
ਡਾ. ਪੁਸ਼ਪਿੰਦਰ ਸਿੰਘ ਕੂਕਾ
ਐਮ. ਬੀ. ਬੀ. ਐਸ., ਐਮ. ਐਸ. (ਸਰਜਰੀ)