ਆਯੂਰਵੇਦ, ਜਿਵੇਂ ਕਿ ਨਾਮ ਹੀ ਸਪੱਸ਼ਟ ਕਰਦਾ ਹੈ ਉਹ ਵੇਦ ਜਾਂ ਉਹ ਗਿਆਨ ਪ੍ਰਣਾਲੀ ਹੈ ਜੋ ਕਿ ਆਯੂ ਬਾਰੇ, ਜੀਵਨ ਬਾਰੇ ਦੱਸਦੀ ਹੈ। ਆਯੂਰਵੇਦ ਕੇਵਲ ਇੱਕ ਚਿਿਕਤਸਾ ਪ੍ਰਣਾਲੀ ਨਾ ਹੋ ਕੇ ਇੱਕ ਸੰਪੂਰਨ ਵਿੱਦਿਆ ਹੈ ਜੋ ਨਿਰੋਗ ਅਤੇ ਲੰਬਾ ਜੀਵਨ ਜਿਉਣ ਲਈ ਜੀਵਨ ਜਾਚ ਦੱਸਦੀ ਹੈ।
ਆਯੂਰਵੇਦ ਦੇ ਮੂਲ ਰੂਪ ਵਿੱਚ ਦੋ ਸਿਧਾਂਤ ਦੱਸੇ ਗਏ ਹਨ:
स्वस्थ्य स्वास्थ रक्षणम्, आतुरस्य विकार प्रशमन्।
ਅਰਥਾਤ ਜੋ ਵੀ ਵਿਅਕਤੀ ਸਿਹਤਮੰਦ ਹੈ, ਨਿਰੋਗ ਹੈ ਉਹ ਕਿਵੇਂ ਨਿਰੋਗ ਰਹਿ ਸਕਦਾ ਹੈ, ਕਿਸ ਪ੍ਰਕਾਰ ਦਾ ਆਚਰਣ ਕਰੇ ਤਾਂ ਕਿ ਉਸਦੀ ਸਿਹਤ ਚੰਗੀ ਰਹੇ, ਉਹ ਸਿਹਤ ਮੰਦ ਬਣਿਆ ਰਹਿ ਸਕੇ। ਆਯੂਰਵੇਦ ਅਜਿਹੀ ਇਲਾਜ ਪ੍ਰਣਾਲੀ ਹੈ ਜੋ ਕਿ ਰੋਗ ਦੀ ਗੱਲ ਕਰਨ ਤੋਂ ਪਹਿਲਾਂ ਸਿਹਤ ਦੀ ਗੱਲ ਕਰਦੀ ਹੈ, ਕਿ ਜੇਕਰ ਮਨੁੱਖ ਆਪਣਾ ਆਚਰਨ, ਆਹਾਰ- ਵਿਹਾਰ ਸਹੀ ਰੱਖੇ ਤਾਂ ਉਹ ਸਿਹਤਮੰਦ ਰਹਿ ਸਕਦਾ ਹੈ। ਪਰੰਤੂ ਜੇਕਰ ਕਿਸੇ ਕਾਰਨ ਮਨੁੱਖ ਬੀਮਾਰ ਹੋ ਵੀ ਜਾਂਦਾ ਹੈ ਤਾਂ ਫਿਰ ਕਿਵੇਂ ਉਸਦਾ ਉਪਚਾਰ / ਇਲਾਜ ਕਰਕੇ ਉਸਦੇ ਰੋਗ ਨੂੰ ਦੂਰ ਕੀਤਾ ਜਾ ਸਕਦਾ ਹੈ, ਇਹ ਹੈ ਆਯੂਰਵੈਦ ਦਾ ਦੂਸਰਾ ਸਿਧਾਂਤ।
दिनचर्या निशाचर्या ऋतुचर्या यशोदिताम् ।
आचरन् पुरुष: स्वस्थ: सदा तिष्ठति नान्यथा ॥
ਚਰਿਆ ਅਰਥਾਤ ਆਹਾਰ ਅਤੇ ਵਿਹਾਰ ਦੇ ਵਿਸ਼ੇਸ਼ ਨਿਯਮਾਂ ਦਾ ਪਾਲਣ ਕਰਨਾ ਜਿਵੇਂ ਕਿ ਦਿਨਚਰਿਆ, ਰਾਤ੍ਰੀਚਰਿਆ ਅਤੇ ਰਿਤੂਚਰਿਆ। ਆਯੂਰਵੇਦ ਤੇ ਆਚਾਰੀਆਂ ਨੇ ਕਿਹਾ ਹੈ, ਇਹਨਾਂ ਦੇ ਅਨੁਕੂਲ ਆਹਾਰ-ਵਿਹਾਰ ਕਰਨ ਨਾਲ ਵਿਅਕਤੀ ਸਿਹਤਮੰਦ ਰਹਿ ਸਕਦਾ ਹੈ।
ਰਿਤੂਚਰਿਆ ਦੀ ਗੱਲ ਕਰੀਏ ਤਾਂ ਆਯੂਰਵੇਦ ਅਨੁਸਾਰ ਪੂਰੇ ਸਾਲ ਦੇ 12 ਮਹੀਨਿਆਂ ਨੂੰ ਕੁੱਲ 6 ਰਿਤੂਆਂ / ਰੁੱਤਾਂ ਵਿੱਚ ਵੰਡਿਆ ਗਿਆ ਹੈ। ਸੂਰਜ ਦੇ ਉੱਤਰ ਦਿਸ਼ਾ ਵੱਲ ਜਾਣ ਦੇ ਸਮੇਂ (ਉੱਤਰਾਯਨ) ਨੂੰ ਆਦਾਨ ਕਾਲ ਕਿਹਾ ਜਾਂਦਾ ਹੈ ਜਿਸ ਵਿੱਚ ਸ਼ਿਿਸ਼ਰ, ਬਸੰਤ ਅਤੇ ਗ੍ਰੀਸ਼ਮ ਰੁੱਤਾਂ ਆਉਂਦੀਆਂ ਹਨ। ਸੂਰਜ ਦੇ ਦੱਖਣ ਵੱਲ ਜਾਣ ਦੇ ਸਮੇਂ (ਦਕਸ਼ਾਯਨ) ਨੂੰ ਵਿਸਰਗ ਕਾਲ ਕਿਹਾ ਜਾਂਦਾ ਹੈ ਜਿਸ ਵਿੱਚ ਵਰਖਾ, ਸ਼ਰਦ ਅਤੇ ਹੇਮੰਤ ਰੁੱਤਾਂ ਆਉਂਦੀਆਂ ਹਨ।
ਇਹਨਾਂ 6 ਮੌਸਮਾਂ ਦੇ ਅਨੁਸਾਰ ਜੋ ਲੋਕ ਆਹਾਰ-ਵਿਹਾਰ ਕਰਦੇ ਹਨ ਉਹ ਸਿਹਤਮੰਦ ਰਹਿੰਦੇ ਹਨ।
ਰਿਤੂ / ਰੁੱਤ | ਅੰਗਰੇਜ਼ੀ ਮਹੀਨੇ | ਦੇਸੀ ਮਹੀਨੇ | |
1 | ਸ਼ਿਸ਼ਿਰ | ਮੱਧ ਜਨਵਰੀ ਤੋਂ ਮੱਧ ਮਾਰਚ | ਮਾਘ, ਫੱਗਣ |
2 | ਬਸੰਤ | ਮੱਧ ਮਾਰਚ ਤੋਂ ਮੱਧ ਮਈ | ਚੇਤ, ਵਿਸਾਖ |
3 | ਗ੍ਰੀਸ਼ਮ | ਮੱਧ ਮਈ ਤੋਂ ਮੱਧ ਜੁਲਾਈ | ਜੇਠ, ਹਾੜ੍ਹ |
4 | ਵਰਖਾ | ਮੱਧ ਜੁਲਾਈ ਤੋਂ ਮੱਧ ਸਤੰਬਰ | ਸਉਣ, ਭਾਦੋਂ |
5 | ਸ਼ਰਦ | ਮੱਧ ਸਤੰਬਰ ਤੋਂ ਮੱਧ ਨਵੰਬਰ | ਅੱਸੂ, ਕੱਤਕ |
6 | ਹੇਮੰਤ | ਮੱਧ ਨਵੰਬਰ ਤੋਂ ਮੱਧ ਜਨਵਰੀ | ਮੱਘਰ, ਪੋਹ |
ਸ਼ਰਦ ਰਿਤੂ (ਅੱਸੂ, ਕੱਤਕ)
ਵਰਖਾ ਰੁੱਤ ਤੋਂ ਬਾਦ ਸ਼ਰਦ ਰੁੱਤ ਆਉਂਦੀ ਹੈ। ਵਰਖਾ ਰੁੱਤ ਵਿੱਚ ਕੁਦਰਤੀ ਤੌਰ ਤੇ ਘੱਟ ਹੋਏ ਪਿੱਤ ਦੋਸ਼ ਦਾ ਪ੍ਰਕੋਪ ਸ਼ਰਦ ਰਿਤੂ ਵਿੱਚ ਵੱਧ ਜਾਂਦਾ ਹੈ। ਇਸ ਰੁੱਤ ਵਿੱਚ ਪਿੱਤ ਦਾ ਆਮ ਸੁਭਾੳੇ ਜੋ ਕਿ ਪਾਚਨ ਹੈ, ਦੂਰ ਹੋ ਕੇ ਬੁਖਾਰ, ਦਸਤ, ਉਲਟੀਆਂ ਆਦਿ ਦਾ ਕਾਰਣ ਬਣ ਜਾਂਦਾ ਹੈ। ਆਯੁਰਵੇਦ ਵਿੱਚ ਸ਼ਰਦ ਰੁੱਤ ਨੂੰ ਰੋਗਾਂ ਦੀ ਮਾਂ ਕਿਹਾ ਗਿਆ ਹੈ। ਇਸ ਰੁੱਤ ਵਿੱਚ ਪਿੱਤ ਦੋਸ਼ ਤੇ ਲਵਣ ਰਸ ਵਿੱਚ ਵਾਧਾ ਹੋ ਜਾਂਦਾ ਹੈ ਅਤੇ ਸੂਰਜ ਦੀ ਗਰਮੀ ਵੀ ਵਿਸ਼ੇਸ਼ ਰੂਪ ਵਿੱਚ ਲੱਗਦੀ ਹੈ। ਇਸ ਲਈ ਪਿੱਤ ਦੋਸ਼, ਲਵਣ ਰਸ ਅਤੇ ਗਰਮੀ ਦਾ ਸ਼ਮਨ ਕਰਨ ਵਾਲੇ ਮਿੱਠੇ, ਤਿੱਖੇ ਅਤੇ ਕਸੈਲੇ ਰਸਾਂ ਦਾ ਉਪਯੋਗ ਕਰਨਾ ਚਾਹੀਦਾ ਹੈ। ਪਿੱਤ ਦੋਸ਼ ਨੂੰ ਵਧਾਉਣ ਵਾਲੀਆਂ ਖੱਟੀਆਂ ਅਤੇ ਨਮਕੀਨ ਵਸਤਾਂ ਦਾ ਪਰਹੇਜ਼ ਕਰਨਾ ਚਾਹੀਦਾ ਹੈ। ਵੈਸੇ ਤਾਂ ਹਰ ਰਿਤੂ (ਰੁੱਤ) ਵਿੱਚ ਸਾਰੇ 6 ਰਸਾਂ: ਮਧੁਰ (ਮਿੱਠਾ), ਅਮਲ (ਖੱਟਾ), ਲਵਣ (ਨਮਕੀਨ), ਕਟੂ (ਕੌੜਾ), ਤੀਕਸ਼ (ਤਿੱਖਾ) ਅਤੇ ਕਸ਼ਾਯ (ਕਸੈਲਾ) ਦਾ ਸੇਵਨ ਕਰਨਾ ਚਾਹੀਦਾ ਹੈ ਪਰ ਹਰ ਰੁੱਤ ਦਾ ਇੱਕ ਪ੍ਰਧਾਨ ਰਸ ਮੰਨਿਆ ਗਿਆ ਹੈ ਜਿਸਦਾ ਉਸ ਮੌਸਮ ਵਿਸ਼ੇਸ ਵਿੱਚ ਜ਼ਿਆਦਾ ਸੇਵਨ ਕਰਨਾ ਚਾਹੀਦਾ ਹੈ। ਘਿਉ ਅਤੇ ਦੁੱਧ ਪਿੱਤ ਦੇ ਮਾਰਕ ਹਨ, ਇਸ ਲਈ ਇਹਨਾਂ ਦਾ ਸੇਵਨ ਕਰਨਾ ਚਾਹੀਦਾ ਹੈ।
ਸ਼ਰਦ ਰਿਤੂ ਸਮੇਂ ਪੱਥ ਆਹਾਰ:
ਮਿੱਠੇ, ਹਲਕੇ (ਜਲਦੀ ਪਚ ਜਾਣ ਵਾਲੇ), ਠੰਡੇ ਪਦਾਰਥਾਂ ਦਾ ਸੇਵਨ ਕਰਨਾ ਚਾਹੀਦਾ ਹੈ।
ਅਨਾਜ: ਕਣਕ, ਜੌਂ ਜਵਾਰ, ਚਾਵਲ, ਅਤੇ ਹਰ ਤਰਾਂ ਦੀਆਂ ਦਾਲਾਂ ਦਾ ਪ੍ਰਯੋਗ ਕਰਨਾ ਚਾਹੀਦਾ ਹੈ।
ਸਬਜ਼ੀਆਂ: ਗੋਭੀ, ਪਰਵਲ, ਫਲੀਆਂ ਗਾਜਰ, ਮੱਕੀ, ਤੋਰੀ, ਚੌਲਾਈ, ਕੱਦੂ, ਪਾਲਕ ਖਾਧੇ ਜਾ ਸਕਦੇ ਹਨ।
ਫਲ: ਕੇਲੇ, ਅੰਜੀਰ, ਅਨਾਰ, ਅੰਗੂਰ, ਨਾਰੀਅਲ, ਪੱਕਾ ਪਪੀਤਾ, ਮੁਸੰਮੀ, ਨੀਂਬੂ ਲਏ ਜਾ ਸਕਦੇ ਹਨ।
ਮੇਵੇ: ਅਖਰੋਟ, ਖਜੂਰ, ਬਾਦਾਮ, ਪਿਸਤਾ।
• ਇਸ ਮੌਸਮ ਵਿੱਚ ਖੀਰ, ਰਬੜੀ ਆਦਿ ਠੰਡੀ ਕਰਕੇ ਖਾਣ ਨਾਲ ਅਰੋਗ ਰਹਿਣ ਵਿੱਚ ਫਾਇਦਾ ਮਿਲਦਾ ਹੈ।
• ਨਾਰੀਅਲ ਦੇ ਪਾਣੀ ਦਾ ਸੇਵਨ ਚੰਗਾ ਮੰਨਿਆ ਗਿਆ ਹੈ।
• ਘਿਓ ਪਿੱਤ ਦੋਸ਼ ਦਾ ਨਾਸ਼ਕ ਹੈ, ਇਸਦਾ ਸੰਤੁਲਿਤ ਮਾਤਰਾ ਵਿੱਚ ਸੇਵਨ ਕਰਨਾ ਚਾਹੀਦਾ ਹੈ।
• ਜ਼ਿਆਦਾ ਦੇਰ ਤੱਕ ਭੁੱਖੇ ਨਹੀਂ ਰਹਿਣਾ ਚਾਹੀਦਾ ਹੈ।
• ਧੁੱਪ ਵਿੱਚ ਜ਼ਿਆਦਾ ਨਹੀਂ ਰਹਿਣਾ ਚਾਹੀਦਾ ਹੈ।
• ਰਾਤ ਦੇ ਸਮੇਂ ਚੰਦਰਮਾ ਦੀ ਰੌਸ਼ਨੀ ਵਿੱਚ ਬੈਠਣ, ਘੁੰਮਣ ਜਾਂ ਸੌਣ ਨਾਲ ਸਿਹਤ ਚੰਗੀ ਰਹਿੰਦੀ ਹੈ।
ਸ਼ਰਦ ਰਿਤੂ ਸਮੇਂ ਅਪੱਥ ਅਹਾਰ:
ਖੱਟਾ ਦਹੀਂ, ਲੱਸੀ, ਤੇਲ, ਗਰਮ ਚੀਜ਼ਾਂ, ਖੱਟੀਆਂ ਚੀਜ਼ਾਂ ਦੀ ਵਰਤੋਂ ਘੱਟ ਕਰ ਦੇਣੀ ਚਾਹੀਦੀ ਹੈ।
ਬੈਂਗਣ, ਇਮਲੀ, ਪੁਦੀਨਾ, ਲਸਣ, ਮੇਥੀ, ਤਿਲ, ਮੂੰਗਫਲੀ, ਸਰ੍ਹੋਂ ਆਦਿ ਦਾ ਪ੍ਰਯੋਗ ਪਿੱਤਕਾਰਕ ਹੋਣ ਕਾਰਨ ਨਹੀਂ ਕਰਨਾ ਚਾਹੀਦਾ ਹੈ।
• ਦਿਨ ਦੇ ਸਮੇਂ ਨਹੀਂ ਸੌਣਾ ਚਾਹੀਦਾ।
• ਪੇਟ ਭਰ ਕੇ ਭੋਜਨ ਨਾ ਕੀਤਾ ਜਾਵੇ।
• ਲੋੜ ਅਨੁਸਾਰ ਥੋੜੇ ਸਮੇਂ ਬਾਅਦ ਕੁਝ ਖਾ ਲੈਣਾ ਚਾਹੀਦਾ ਹੈ।
ਪਿੱਤ ਪ੍ਰਕੋਪ ਲਈ ਵਿਰੇਚਨ ਕਰਨਾ ਹਿੱਤਕਾਰੀ ਹੈ ਜਿਸ ਲਈ ਹਰੀਤਕੀ (ਹਰੜਾਂ) ਉੱਤਮ ਦੱਸੀਆਂ ਗਈਆਂ ਹਨ।
ਡਾ. ਕਮਲਦੀਪ ਕੌਰ ਕੂਕਾ
BAMS, NDDY, PGDHHM, PGDMLS
ਆਯੂਰਵੈਦਿਕ ਮੈਡੀਕਲ ਅਫਸਰ
ਪੀ.ਐਚ.ਸੀ. ਮੁੱਲਾਂਪੁਰ, ਨਿਊ ਚੰਡੀਗੜ੍ਹ
ਮੋਹਾਲੀ
ਫੋਨ: +91-9501015625
ਈਮੇਲ: kamaldeepkuka@gmail.com